ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਫ਼ਿਰੋਜ਼ਪੁਰ ਕਾਰ ਹਾਦਸੇ ‘ਚ ਮਾਂ-ਧੀ ਦੀ ਮੌਤ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਵਿੱਚ ਦੋ ਕਾਰਾਂ ਦੀ ਟੱਕਰ ਵਿੱਚ ਇੱਕ ਔਰਤ ਅਤੇ ਉਸਦੀ ਧੀ ਦੀ ਮੌਤ ਹੋ ਗਈ ਹੈ। ਇਹ ਔਰਤ ਆਪਣੇ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਆਈ ਸੀ। ਵਾਪਸ ਆਉਂਦੇ ਸਮੇਂ ਉਸ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ ਅਤੇ ਉਸ ਦੀ ਬੇਟੀ ਸਮੇਤ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਹਾਦਸਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਗੁਰੂ ਹਰ ਸਹਾਏ ਨੇੜੇ ਵਾਪਰਿਆ। ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਕਾਰ ਚਾਲਕ ਬਬਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਝੰਡੂਵਾਲਾ ਗੁਰੂਹਰਸਹਾਏ ਫ਼ਿਰੋਜ਼ਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਹਿਲਾ ਦੇ ਭਰਾ ਇਕਬਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਫ਼ਿਰੋਜ਼ਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਹਰਦੀਪ ਸਿੰਘ ਦੀ 29 ਜਨਵਰੀ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 30 ਜਨਵਰੀ ਨੂੰ ਹੋਣਾ ਸੀ। ਉਸ ਦੀ ਭੈਣ ਸੁਖਪ੍ਰੀਤ ਕੌਰ ਆਪਣੇ ਪਤੀ ਗੁਰਜੀਤ ਸਿੰਘ ਅਤੇ ਧੀ ਨਿਮਰਤ ਕੌਰ ਅਤੇ ਹੋਰਾਂ ਨਾਲ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਈ ਹੋਈ ਸੀ।
ਅੰਤਿਮ ਸੰਸਕਾਰ ਤੋਂ ਬਾਅਦ ਭੈਣ 31 ਜਨਵਰੀ ਨੂੰ ਮਲੋਟ ਸਥਿਤ ਆਪਣੇ ਸਹੁਰੇ ਘਰ ਜਾ ਰਹੀ ਸੀ। ਉਸ ਦੀ ਕਾਰ ਪਿੰਡ ਝੰਡੂਵਾਲਾ ਨੇੜੇ ਪੁੱਜੀ ਤਾਂ ਮੁਲਜ਼ਮ ਬਬਲਜੀਤ ਸਿੰਘ ਨੇ ਲਾਪਰਵਾਹੀ ਨਾਲ ਆਪਣੀ ਕਾਰ ਲੈ ਕੇ ਉਸ ਦੀ ਭੈਣ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਭੈਣ ਸੁਖਪ੍ਰੀਤ ਕੌਰ ਅਤੇ ਭਤੀਜੀ ਨਿਮਰਤ ਕੌਰ ਗੰਭੀਰ ਜ਼ਖ਼ਮੀ ਹੋ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਹਾਦਸੇ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਲਾਸ਼ਾਂ ਦਾ ਪੋਸਟਮਾਰਟਮ ਚੱਲ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।