ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਬੰਗਲਾਦੇਸ਼ ‘ਚ ਚੋਣਾਂ ਤੋਂ ਪਹਿਲਾਂ ਬਦਮਾਸ਼ਾਂ ਨੇ ਟਰੇਨ ਨੂੰ ਲਗਾਈ ਅੱਗ, 5 ਦੀ ਮੌਤ

ਢਾਕਾ : ਟਰੇਨ ਨੂੰ ਸਾੜਨ ਦੀ ਘਟਨਾ ਬੰਗਲਾਦੇਸ਼ ‘ਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਸ਼ਰਾਰਤੀ ਅਨਸਰਾਂ ਵੱਲੋਂ ਇੱਕ ਯਾਤਰੀ ਰੇਲਗੱਡੀ ਨੂੰ ਕਥਿਤ ਤੌਰ ‘ਤੇ ਅੱਗ ਲਾਉਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਰਾਜਧਾਨੀ ਢਾਕਾ ਦੇ ਗੋਪੀਬਾਗ ਇਲਾਕੇ ਵਿੱਚ ਬੇਨਾਪੋਲ ਐਕਸਪ੍ਰੈਸ ਵਿੱਚ ਵਾਪਰੀ। ਅਜਿਹਾ ਬੰਗਲਾਦੇਸ਼ ਵਿੱਚ ਆਮ ਚੋਣਾਂ ਤੋਂ ਸਿਰਫ਼ ਦੋ ਦਿਨ ਪਹਿਲਾਂ ਹੋਇਆ ਹੈ। ਦੱਸ ਦੇਈਏ ਕਿ ਵਿਰੋਧੀ ਧਿਰ ਚੋਣਾਂ ਦਾ ਬਾਈਕਾਟ ਕਰ ਰਹੀ ਹੈ। ਇਸ ਕਾਰਨ ਪੂਰੇ ਦੇਸ਼ ਵਿੱਚ ਅਸ਼ਾਂਤੀ ਦਾ ਮਾਹੌਲ ਹੈ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਗੋਪੀਬਾਗ ਇਲਾਕੇ ‘ਚ ਰਾਤ ਕਰੀਬ 9 ਵਜੇ ਅੱਗ ਲੱਗੀ। ਰਾਤ 10.20 ਵਜੇ ਤੱਕ ਅੱਗ ‘ਤੇ ਕਾਬੂ ਪਾਇਆ ਗਿਆ। bdnews24.com ਮੁਤਾਬਕ ਰੇਲਗੱਡੀ ਵਿੱਚ ਸਵਾਰ ਬਹੁਤ ਸਾਰੇ ਯਾਤਰੀ ਭਾਰਤੀ ਨਾਗਰਿਕ ਸਨ।ਅੱਗ ਢਾਕਾ ਜਾਣ ਵਾਲੀ ਟਰੇਨ ਦੇ ਘੱਟੋ-ਘੱਟ ਚਾਰ ਡੱਬਿਆਂ ਤੱਕ ਫੈਲ ਗਈ।
ਪੁਲਿਸ ਜਾਨੀ ਅਤੇ ਨੁਕਸਾਨ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਪੁਲਿਸ ਨੂੰ ਡਰ ਹੈ ਕਿ ਡੱਬਿਆਂ ਦੇ ਅੰਦਰ ਹੋਰ ਵੀ ਕਈ ਲੋਕ ਫਸ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਟਰੇਨ ਢਾਕਾ ਨੂੰ ਬੰਗਲਾਦੇਸ਼ ਦੇ ਸਭ ਤੋਂ ਮਹੱਤਵਪੂਰਨ ਜ਼ਮੀਨੀ ਬੰਦਰਗਾਹ ਬੇਨਾਪੋਲ ਨਾਲ ਜੋੜਦੀ ਹੈ।
ਬੰਗਲਾਦੇਸ਼ ਵਿੱਚ ਐਤਵਾਰ ਨੂੰ ਹੋਣ ਵਾਲੀਆਂ ਅਹਿਮ ਸੰਸਦੀ ਚੋਣਾਂ ਤੋਂ ਪਹਿਲਾਂ ਹਿੰਸਾ ਨੇ ਚੋਣਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ।ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਅਤੇ ਇਸ ਦੇ ਸਹਿਯੋਗੀਆਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਇੱਕ ਕਾਰਜਕਾਰੀ ਸਰਕਾਰ ਦੇ ਗਠਨ ਦੀ ਮੰਗ ਕਰਦੇ ਹੋਏ ਚੋਣ ਪ੍ਰਕਿਰਿਆ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ।