ਇਕਵਾਡੋਰ ‘ਚ ਲਾਈਵ ਪ੍ਰਸਾਰਣ ਦੌਰਾਨ ਹਥਿਆਰਬੰਦ ਲੋਕ ਸਟੂਡੀਓ ‘ਚ ਦਾਖਲ

January 10, 2024 10:19 am
Aa

ਇਕਵਾਡੋਰ : ਇਕਵਾਡੋਰ ਵਿਚ ਸਥਿਤੀ ਵਿਗੜ ਗਈ ਹੈ। ਇੱਥੇ ਨਕਾਬਪੋਸ਼ ਲੋਕ ਇੱਕ ਟੈਲੀਵਿਜ਼ਨ ਚੈਨਲ ਦੇ ਸੈੱਟ ਵਿੱਚ ਦਾਖਲ ਹੋਏ। ਉਨ੍ਹਾਂ ਨੇ ਲਾਈਵ ਪ੍ਰਸਾਰਣ ਦੌਰਾਨ ਬੰਦੂਕਾਂ ਅਤੇ ਵਿਸਫੋਟਕ ਦਿਖਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਰਾਸ਼ਟਰਪਤੀ ਡੇਨੀਅਲ ਨੋਬੋਆ ਨੇ ਤੁਰੰਤ ਹਮਲਾਵਰਾਂ ਖਿਲਾਫ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਹ ਵੀ ਐਲਾਨ ਕੀਤਾ ਗਿਆ ਸੀ ਕਿ ਦੇਸ਼ ‘ਅੰਦਰੂਨੀ ਹਥਿਆਰਬੰਦ ਸੰਘਰਸ਼’ ਵਿਚ ਦਾਖਲ ਹੋ ਗਿਆ ਹੈ।

ਬੰਦਰਗਾਹ ਵਾਲੇ ਸ਼ਹਿਰ ਗੁਆਯਾਕਿਲ ਵਿੱਚ ਟੀਸੀ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਗੋਲੀਆਂ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਗੋਲੀਬਾਰੀ ਦੀ ਆਵਾਜ਼ ਦੇ ਵਿਚਕਾਰ ਇੱਕ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, ਗੋਲੀ ਨਾ ਚਲਾਓ, ਕਿਰਪਾ ਕਰਕੇ ਗੋਲੀ ਨਾ ਚਲਾਓ।

ਘੁਸਪੈਠੀਆਂ ਨੇ ਲੋਕਾਂ ਨੂੰ ਜ਼ਮੀਨ ‘ਤੇ ਲੇਟਣ ਲਈ ਮਜ਼ਬੂਰ ਕੀਤਾ ਅਤੇ ਸਟੂਡੀਓ ਦੀਆਂ ਲਾਈਟਾਂ ਬੰਦ ਹੋਣ ਤੋਂ ਬਾਅਦ ਦਰਦ ਨਾਲ ਚੀਕਦੇ ਸੁਣੇ ਜਾ ਸਕਦੇ ਸਨ। ਹਾਲਾਂਕਿ ਲਾਈਵ ਪ੍ਰਸਾਰਣ ਜਾਰੀ ਰਿਹਾ। ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਟੇਸ਼ਨ ਦਾ ਕੋਈ ਕਰਮਚਾਰੀ ਜ਼ਖਮੀ ਹੋਇਆ ਹੈ ਜਾਂ ਨਹੀਂ। ਇਸ ਦੌਰਾਨ ਇੱਕ ਟੀਸੀ ਕਰਮਚਾਰੀ ਨੇ ਇੱਕ ਵਟਸਐਪ ਸੰਦੇਸ਼ ਵਿੱਚ ਕਿਹਾ ਕਿ ਨਕਾਬਪੋਸ਼ ਲੋਕ ਆਨ ਏਅਰ ਹਨ। ਉਹ ਸਾਨੂੰ ਮਾਰਨ ਆਏ ਹਨ।

ਇਹ ਮਾਮਲਾ ਹੈ
ਦੱਸਣਯੋਗ ਹੈ ਕਿ ਇਕਵਾਡੋਰ ‘ਚ ਐਤਵਾਰ ਨੂੰ ਇਕ ਸ਼ਕਤੀਸ਼ਾਲੀ ਗਿਰੋਹ ਦੇ ਮੈਂਬਰ ਦੇ ਜੇਲ ‘ਚੋਂ ਫਰਾਰ ਹੋਣ ਦੇ ਮੱਦੇਨਜ਼ਰ ਕਈ ਹਮਲੇ ਕੀਤੇ ਗਏ ਹਨ। ਗੈਂਗ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਕੁਝ ਘੰਟਿਆਂ ਬਾਅਦ, ਰਾਸ਼ਟਰਪਤੀ ਨੇ ਦੇਸ਼ ਨੂੰ ‘ਅੰਦਰੂਨੀ ਹਥਿਆਰਬੰਦ ਸੰਘਰਸ਼’ ਦੀ ਸਥਿਤੀ ਵਿੱਚ ਘੋਸ਼ਿਤ ਕਰ ਦਿੱਤਾ। ਹਾਲਾਤ ਵਿਗੜਦੇ ਦੇਖ ਕੇ ਰਾਸ਼ਟਰਪਤੀ ਨੇ ਫੈਸਲਾ ਕੀਤਾ ਸੀ ਕਿ ਉਹ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰਨਗੇ। ਸੋਮਵਾਰ ਨੂੰ, ਨੋਬੋਆ ਨੇ 60 ਦਿਨਾਂ ਲਈ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ ਦਾ ਆਦੇਸ਼ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਵੀ ਲਗਾ ਦਿੱਤਾ।