ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
1530 ਕਰੋੜ ਦੀ ਧੋਖਾਧੜੀ : SEL ਟੈਕਸਟਾਈਲ ਦੇ ਮਾਲਕ ਨੀਰਜ ਸਲੂਜਾ ਗ੍ਰਿਫਤਾਰ

ਲੁਧਿਆਣਾ : ਪੰਜਾਬ ਵਿੱਚ ਟੈਕਸਟਾਈਲ ਕੰਪਨੀ ਐਸਈਐਲ ਟੈਕਸਟਾਈਲ ਲਿਮਟਿਡ ਦੇ ਮਾਲਕ ਨੀਰਜ ਸਲੂਜਾ ਨੂੰ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ 1530 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਛੇ ਦਿਨ ਪਹਿਲਾਂ ਈਡੀ ਨੇ ਇਸ ਟੈਕਸਟਾਈਲ ਕੰਪਨੀ ਦੇ 13 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਵਿੱਚ ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਇਕਾਈਆਂ ਸ਼ਾਮਲ ਸਨ। ਛਾਪੇਮਾਰੀ ਦੌਰਾਨ ਟੀਮ ਨੇ 60 ਲੱਖ ਰੁਪਏ ਦੀ ਨਕਦੀ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।
ਸਲੂਜਾ ਖਿਲਾਫ 2 ਸਾਲ ਪਹਿਲਾਂ ਬੈਂਕਾਂ ਨਾਲ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਸੀਬੀਆਈ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਦੱਸ ਦੇਈਏ ਕਿ ਸਲੂਜਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਾਸ ਰਹੇ ਹਨ।
2023 ਵਿੱਚ 828 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਸੀ
ਜ਼ਿਕਰਯੋਗ ਹੈ ਕਿ ਈਡੀ ਨੇ ਫਰਵਰੀ 2023 ‘ਚ 828 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਜਿਸ ਵਿੱਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਅਲਵਰ ਅਤੇ ਹਿਸਾਰ ਵਿੱਚ ਜ਼ਮੀਨ, ਇਮਾਰਤਾਂ ਅਤੇ ਮਸ਼ੀਨਰੀ ਸ਼ਾਮਲ ਹੈ। ਈਡੀ ਦੀ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਐਸਈਐਲ ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਸੰਘ ਤੋਂ ਲਏ ਗਏ ਲੋਨ ਫੰਡਾਂ ਦੀ ਦੁਰਵਰਤੋਂ ਕੀਤੀ ਸੀ।