ਕਿਸਾਨਾਂ ਦੇ ਦਿੱਲੀ ਮਾਰਚ ਦਾ ਫੈਸਲਾ ਅੱਜ, ਸ਼ੁਭਕਰਨ ਦੇ ਸਿਰ ‘ਚੋਂ ਮਿਲੀ ਧਾਤੂ

March 3, 2024 7:18 am
Panjab Pratham News

ਸ਼ੰਭੂ : ਪੰਜਾਬ-ਹਰਿਆਣਾ ਸਰਹੱਦ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20ਵਾਂ ਦਿਨ ਹੈ। ਇਸ ਤੋਂ ਪਹਿਲਾਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਖੜ੍ਹੇ ਸਨ। ਹੁਣ ਉਹ ਹਰਿਆਣਾ-ਪੰਜਾਬ ਦੀ ਤੀਜੀ ਡੱਬਵਾਲੀ ਬਾਰਡਰ ‘ਤੇ ਵੀ ਇਕੱਠੇ ਹੋਣਗੇ। ਉਹ ਐਮਐਸਪੀ ‘ਤੇ ਖਰੀਦ ਗਾਰੰਟੀ ਕਾਨੂੰਨ, ਕਰਜ਼ਾ ਮੁਆਫ਼ੀ ਅਤੇ ਡਾ: ਸਵਾਮੀਨਾਥਨ ਕਮਿਸ਼ਨ ਅਨੁਸਾਰ ਫ਼ਸਲਾਂ ਦੀਆਂ ਕੀਮਤਾਂ ਦੀ ਮੰਗ ਕਰ ਰਹੇ ਹਨ।

ਅੱਜ ਹੀ ਬਠਿੰਡਾ ਦੇ ਪਿੰਡ ਬੱਲੋ ਵਿਖੇ ਖਨੌਰੀ ਸਰਹੱਦ ‘ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਵੇਗੀ। ਜਿੱਥੇ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਦਿੱਲੀ ਮਾਰਚ ਦਾ ਐਲਾਨ ਕੀਤਾ ਜਾਵੇਗਾ।

21 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ।

ਕਿਸਾਨ ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ‘ਚ ਵੱਡਾ ਖੁਲਾਸਾ ਹੋਇਆ ਹੈ। Polilce ਸੂਤਰਾਂ ਅਨੁਸਾਰ ਉਸ ਦੇ ਸਿਰ ‘ਤੇ ਧਾਤ ਦੇ ਕੁਝ ਟੁਕੜੇ ਮਿਲੇ ਹਨ। ਜਿਨ੍ਹਾਂ ਨੂੰ ਅਸਲ ਗੋਲੀਆਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਇਹ ਰਿਪੋਰਟ ਹਰਿਆਣਾ ਪੁਲਿਸ ਨੂੰ ਭੇਜ ਦਿੱਤੀ ਹੈ।

ਪੰਜਾਬ ਪੁਲਿਸ ਨੇ ਸ਼ੁਭਕਰਨ ਦੇ ਸਿਰ ਤੋਂ ਮਿਲੀ ਧਾਤੂ ਨੂੰ ਜਾਂਚ ਲਈ ਮਾਹਿਰਾਂ ਕੋਲ ਭੇਜ ਦਿੱਤਾ ਹੈ। ਜਿਸ ਰਾਹੀਂ ਇਸ ਗੱਲ ਦੀ ਪੁਸ਼ਟੀ ਹੋ ​​ਸਕੇਗੀ ਕਿ ਇਹ ਗੋਲੀ ਨਾਲ ਸਬੰਧਤ ਹੈ ਜਾਂ ਕਿਸੇ ਹੋਰ ਵਸਤੂ ਨਾਲ। ਕੁਝ ਪੁਲਿਸ ਅਫਸਰਾਂ ਦਾ ਇਹ ਵੀ ਕਹਿਣਾ ਹੈ ਕਿ ਰਬੜ ਦੀਆਂ ਗੋਲੀਆਂ ਨਾਲ ਵੀ ਧਾਤੂ ਜੁੜੀ ਹੋਈ ਹੈ। ਇਹ ਵੀ ਸੰਭਵ ਹੈ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ‘ਤੇ ਰਬੜ ਦੀਆਂ ਗੋਲੀਆਂ ਚਲਾਈਆਂ ਹੋਣ ਅਤੇ ਇਹੀ ਸੱਟ ਸ਼ੁਭਕਰਨ ਦੇ ਸਿਰ ‘ਤੇ ਲੱਗੀ ਹੋਵੇ।