AIG ਮਾਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ

January 31, 2024 10:53 am
Img 20240131 Wa0019

ਰਿਸ਼ਵਤ ਲਈ ਅਧਿਕਾਰੀਆਂ ਨੂੰ ਬਲੈਕਮੇਲ ਕਰਨ ਦੇ ਦੋਸ਼, ਦੋ ਹੋਰ ਵੀ ਨਾਮਜ਼ਦ
ਚੰਡੀਗੜ੍ਹ : ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਪੰਜਾਬ ਪੁਲੀਸ ਦੇ ਮੁਅੱਤਲ ਏਆਈਜੀ ਮਾਲਵਿੰਦਰ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਹੁਣ ਉਸ ਖ਼ਿਲਾਫ਼ ਮੁਹਾਲੀ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਸਰਕਾਰੀ ਅਧਿਕਾਰੀਆਂ ਤੋਂ ਰਿਸ਼ਵਤ ਲੈਣ ਲਈ ਬਲੈਕਮੇਲ ਕਰਨ ਦੇ ਇੱਕ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਵਿੱਚ ਉਸ ਦੇ ਸਾਥੀ ਬਲਬੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦਾ ਨਾਂ ਵੀ ਸ਼ਾਮਲ ਹੈ।

ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 120ਬੀ, ਭ੍ਰਿਸ਼ਟਾਚਾਰ ਐਕਟ-7 ਅਤੇ 12 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਦੇ ਨਾਲ ਹੀ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਕਈ ਰਾਜ਼ ਵੀ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਸ ਦੇ ਕਰੀਬੀ ਸਾਥੀ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਸੀ।

ਅਕਤੂਬਰ 2023 ਵਿੱਚ, ਜਦੋਂ ਏਆਈਜੀ ਮਾਲਵਿੰਦਰ ਸਿੰਘ ਪੁੱਛਗਿੱਛ ਲਈ ਵਿਜੀਲੈਂਸ ਬਿਊਰੋ ਦੇ ਮੁਹਾਲੀ ਹੈੱਡਕੁਆਰਟਰ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਹੱਥੋਪਾਈ ਹੋ ਗਈ। ਵਿਜੀਲੈਂਸ ਦੇ ਡੀਐਸਪੀ ’ਤੇ ਸ਼ੀਸ਼ਿਆਂ ਆਦਿ ਤੋੜਨ ਦੇ ਦੋਸ਼ ਲਾਏ ਸਨ।

ਇਸ ਤੋਂ ਇਲਾਵਾ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਦੌਰਾਨ ਵਿਜੀਲੈਂਸ ਨੇ ਉਸ ਕੋਲੋਂ ਰਿਕਾਰਡਰ ਹਾਸਲ ਕੀਤਾ ਸੀ।ਜਦੋਂ ਇਸ ਨੂੰ ਜਾਂਚ ਲਈ ਸਟੇਟ ਫੋਰੈਂਸਿਕ ਲੈਬ (ਐੱਸ.ਐੱਫ.ਐੱਲ.) ਵਿਖੇ ਭੇਜਿਆ ਗਿਆ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ।

ਪੈਸੇ ਵਿੱਚ ਹਿੱਸਾ ਪਾਉਣ ਦਾ ਦਾਅਵਾ ਕੀਤਾ

ਇਹ ਖੁਲਾਸਾ ਹੋਇਆ ਹੈ ਕਿ 13 ਅਕਤੂਬਰ 2023 ਦੀ ਇੱਕ ਆਡੀਓ ਰਿਕਾਰਡਿੰਗ ਵਿੱਚ, ਏਆਈਜੀ ਮਾਲਵਿੰਦਰ ਸਿੰਘ ਬਲਬੀਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨਾਲ ਬੈਠ ਕੇ ਸਲਾਹ-ਮਸ਼ਵਰਾ ਕਰਦੇ ਹਨ। ਫਿਰ ਬੱਬੀ ਨਾਂ ਦਾ ਵਿਅਕਤੀ ਬਲਬੀਰ ਸਿੰਘ ਨੂੰ ਗੱਲ ਕਰਦਾ ਹੈ।

ਇਸ ਵਿੱਚ ਬਲਬੀਰ ਸਿੰਘ ਅੱਗੇ ਬੱਬੀ ਨੂੰ ਰਣਜੀਤ ਸਿੰਘ ਅਤੇ ਦਲਜੀਤ ਖਿਲਾਫ ਦਿੱਤੀ ਗਈ ਦਰਖਾਸਤ ਵਾਪਸ ਲੈਣ ਲਈ ਉਸ ਤੋਂ 15 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਉਹ ਇਸ ਵਿੱਚ ਕਹਿੰਦਾ ਹੈ ਕਿ ਇਸ ਵਿੱਚ ਸਿੱਧੂ ਨਾਲ ਸਾਡਾ ਕੀ ਲੈਣਾ-ਦੇਣਾ, ਤੁਸੀਂ 15 ਲੱਖ ਮੰਗੋ, ਉਸ ਵਿੱਚ ਤੁਹਾਨੂੰ ਵੀ ਹਿੱਸਾ ਮਿਲੇਗਾ।