ਫ਼ਿਰੋਜ਼ਪੁਰ ‘ਚ ਕੌਂਸਲਰ ਨੇ ਨਸ਼ੇ ਵੇਚਣ ’ਤੇ ਉਠਾਏ ਸਵਾਲ ਤਾਂ ਘਰ ‘ਤੇ ਹੋਈ ਫਾਇਰਿੰਗ

January 8, 2024 6:12 pm
Gun Panjab Pratham News

ਜੀਰਾ : ਪੰਜਾਬ ਦੇ ਫ਼ਿਰੋਜ਼ਪੁਰ ‘ਚ ਨਸ਼ਾ ਤਸਕਰਾਂ ਨੇ ਕੌਂਸਲਰ ਦੇ ਵਿਆਹ ਵਾਲੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੇ ਪਾਸਿਓਂ ਕਰੀਬ 200 ਰਾਉਂਡ ਫਾਇਰ ਕੀਤੇ ਗਏ। ਗੋਲੀ ਲੱਗਣ ਨਾਲ ਔਰਤ ਜ਼ਖਮੀ ਹੋ ਗਈ ਹੈ। ਉਸ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਗੋਲੀਬਾਰੀ ਦੌਰਾਨ ਪਰਿਵਾਰ ਅਤੇ ਰਿਸ਼ਤੇਦਾਰ ਘਰ ਵਿੱਚ ਮੌਜੂਦ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਲੁਕ ਕੇ ਆਪਣੀ ਜਾਨ ਬਚਾਈ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੀਰਾ ਦੇ ਵਾਰਡ ਨੰਬਰ ਇੱਕ ਦੀ ਕੌਂਸਲਰ ਰੇਸ਼ਮ ਕੌਰ ਨੇ ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਸ ਇਲਾਕੇ ਵਿੱਚ ਚਿਟਾ (ਨਸ਼ਾ) ਖੰਡ ਵਾਂਗ ਵੇਚਿਆ ਜਾ ਰਿਹਾ ਹੈ।

ਇੱਕ ਦਿਨ ਪਹਿਲਾਂ ਐਤਵਾਰ ਨੂੰ ਰੇਸ਼ਮ ਕੌਰ ਦੇ ਬੇਟੇ ਦਾ ਵਿਆਹ ਸੀ। ਰਿਸ਼ਤੇਦਾਰ ਤੇ ਹੋਰ ਲੋਕ ਘਰ ਆਏ ਹੋਏ ਸਨ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

 

ਰੇਸ਼ਮ ਕੌਰ ਦੀ ਰਿਸ਼ਤੇਦਾਰ ਅਮਰਜੀਤ ਕੌਰ ਵਾਸੀ ਪਿੰਡ ਰੱਤਾ ਖੇੜਾ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਸਾਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਔਰਤ ਨੂੰ ਗੰਭੀਰ ਹਾਲਤ ਵਿੱਚ ਫ਼ਿਰੋਜ਼ਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।